ਦਮਦਮਾ ਸਾਹਿਬ (ਤਲਵੰਡੀ ਸਾਬੋ) ਕੈਂਪਸ ਵਿਖੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਗੱਤਕਾ ਚੈਂਪੀਅਨਸ਼ਿਪ ਦਾ ਸਫ਼ਲਤਾ ਪੂਰਵਕ ਆਯੋਜਨ
ਤਲਵੰਡੀ ਸਾਬੋ, 03 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲ਼ੋਂ "ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਗੱਤਕਾ ਚੈਂਪੀਅਨਸ਼ਿਪ (ਲੜਕੇ/ਲੜਕੀਆਂ)" ਦਾ ਆਯੋਜਨ 2-3 ਫਰਵਰੀ 2023 ਨੂੰ ਇਸ ਵਾਰ ਦਮਦਮਾ ਸਾਹਿਬ (ਤਲਵੰਡੀ ਸਾਬੋ) ਸਥਿਤ ਆਪਣੇ ਕੈਂਪਸ ਵਿਖੇ ਕਰਵਾਇਆ ਗਿਆ। ਵੱਖ-ਵੱਖ ਮਹਿਕਮਿਆਂ ਵਿੱਚ ਅਤੇ ਖਾਸ ਤੌਰ 'ਤੇ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਅ ਰਹੇ ਇਸ ਕੈਂਪਸ ਦੇ ਸਾਬਕਾ ਵਿਦਿਆਰਥੀ ਨੇ ਇਸ ਪਤੀਯੋਗਤਾ ਲਈ ਹਰ ਸੰਭਵ ਮੱਦਦ ਪ੍ਰਦਾਨ ਕੀਤੀ ਜਿਹਨਾਂ ਵਿੱਚੋਂ ਚੰਨਦੀਪ ਸਿੰਘ ਮਲਕਾਣਾ, ਸੁਖਜਿੰਦਰ ਸਿੰਘ ਮਹਿਣਾ ਅਤੇ ਗੁਲਾਬ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਡਾਇਰੈਕਟਰ, ਪੰਜਾਬੀ ਯੂਨੀਵਰਸਿਟੀ ਡਾਇਰੈਕਟੋਰੇਟ ਆਫ ਸਪੋਰਟਸ ਡਾ. ਅਜੀਤਾ ਸਿੰਘ ਜੀ ਵੱਲੋਂ ਮੁੱਖ-ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕੀਤਾ ਗਿਆ ਜਿਹਨਾਂ ਨੇ ਆਪਣੇ ਭਾਸ਼ਣ ਵਿੱਚ ਗੱਤਕਾ-ਈਵੈਂਟ ਦੀ ਧਾਰਮਿਕ ਪਰਿਪੇਖ ਤੋਂ ਮਹੱਤਤਾ ਅਤੇ ਇਸਦੇ ਸ਼ੁਰੂ ਹੋਣ ਦੀ ਵਿਸਥਾਰਪੂਰਵਕ ਤੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ। ਪ੍ਰੋ. (ਡਾ.) ਜਸਬੀਰ ਸਿੰਘ ਹੁੰਦਲ, ਡਾਇਰੈਕਟਰ-ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ) ਵੱਲੋਂ ਮੁੱਖ ਮਹਿਮਾਨ ਡਾ. ਅਜੀਤਾ ਨੂੰ ਜੀ-ਆਇਆਂ ਆਖਦੇ ਹੋਏ ਅੰਤਰ-ਕਾਲਜ ਗੱਤਕਾ ਚੈਂਪੀਅਨਸ਼ਿਪ ਦਾ ਆਯੋਜਨ ਤਲਵੰਡੀ ਸਾਬੋ ਕੈਂਪਸ ਵਿਖੇ ਕਰਵਾਉਣ 'ਚ ਭਰੋਸਾ ਪ੍ਰਗਟਾਉਣ ਲਈ ਪੰਜਾਬੀ ਯੂਨੀਵਰਸਿਟੀ ਦਾ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ। ਡਾ. ਹੁੰਦਲ ਨੇ ਸਪਾਂਸਰਸ਼ਿਪ ਲਈ ਸਾਬਕਾ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ। ਇਸ ਪ੍ਰਤੀਯੋਗਤਾ ਲਈ ਯੂਨੀਵਰਸਿਟੀ ਅਤੇ ਇਸ ਨਾਲ ਅਫੀਲੀਏਟਡ ਕਾਲਜਾਂ ਤੋਂ 20 ਦੇ ਕਰੀਬ ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾਈ ਅਤੇ ਦਰਸ਼ਕਾਂ ਨੂੰ ਬੜ੍ਹੇ ਰੌਚਿਕ, ਉਤਸ਼ਾਹਪੂਰਵਕ ਅਤੇ ਦਰਸ਼ਨੀ ਮੁਕਾਬਲੇ ਦੇਖਣ ਨੂੰ ਮਿਲੇ। ਇਸ ਪ੍ਰਤੀਯੋਗਤਾ ਦੇ ਸੁਯੋਗ ਪ੍ਰਬੰਧ ਵਿੱਚ ਪ੍ਰੋ. ਅਮਨਦੀਪ ਸਿੰਘ ਸੇਖੋਂ ਇੰਚਾਰਜ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ, ਡਾ. ਗੁਰਦੀਪ ਸਿੰਘ ਰਾਣੂ, ਸ੍ਰੀ ਧਰਮਿੰਦਰ ਸਿੰਘ, ਪ੍ਰੋ. ਹਰਵਿੰਦਰ ਸਿੰਘ ਲਾਲੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਨਾਮਜ਼ਦ ਗੱਤਕਾ ਇੰਚਾਰਜ ਸ੍ਰੀ ਗੁਰਪ੍ਰੀਤ ਸਿੰਘ ਹੋਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਪ੍ਰਤੀਯੋਗਤਾ ਦੇ ਸਫਲ ਆਯੋਜਨ ਲਈ ਸਰਵਸ੍ਰੀ ਅਵਤਾਰ ਸਿੰਘ ਗੱਤਕਾ ਕੋਚ ਪੰਜਾਬੀ ਯੂਨੀਵਰਸਿਟੀ, ਤਲਵਿੰਦਰ ਸਿੰਘ, ਦਵਿੰਦਰ ਸਿੰਘ, ਪਰਮਿੰਦਰ ਸਿੰਘ, ਨਰਿੰਦਰ ਸਿੰਘ, ਜਸਕਰਨ ਸਿੰਘ, ਵੀਰਪਾਲ ਕੌਰ, ਨਵਜੋਤ ਕੌਰ, ਅਵਤਾਰ ਸਿੰਘ ਅਣਜਾਣ, ਹਰਜਿੰਦਰ ਸਿੰਘ ਅਤੇ ਹਰਜੀਤ ਸਿੰਘ ਗਿੱਲ ਕਲਾਂ ਹੋਰਾਂ ਵੱਲੋਂ ਪਾਇਆ ਯੋਗਦਾਨ ਵਿਸੇਸ਼ ਤੌਰ 'ਤੇ ਜ਼ਿਕਰਯੋਗ ਹੈ। ਇਸ ਗੱਤਕਾ ਪ੍ਰਤੀਯੋਗਤਾ ਦੇ ਦੂਸਰੇ ਦਿਨ ਦੀਆਂ ਵਿੱਅਕਤੀਗਤ ਅਤੇ ਟੀਮ ਮੁਕ਼ਾਬਕੇ ਬਹੁਤ ਦਿਲਚਸਪ ਰਹੇ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਪਤਵੰਦਿਆਂ ਨੇ ਖੂਬ ਅਨੰਦ ਮਾਣਿਆ। ਇਸ ਅੰਤਰ-ਕਾਲਜ ਗੱਤਕਾ ਚੈਂਪੀਅਨਸ਼ਿਪ ਦਾ ਸਮਾਪਣ ਇਨਾਮ-ਵੰਡ ਸਮਾਰੋਹ ਨਾਲ ਹੋਇਆ ਜਿਸ ਵਿੱਚ ਉੱਘੇ ਸਮਾਜਸੇਵੀ ਅਤੇ ਭਾਜਪਾ ਆਗੂ ਸ੍ਰੀਰਵੀਪ੍ਰੀਤ ਸਿੰਘ ਮੁੱਖ-ਮਹਿਮਾਨ ਵਜੋਂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਅਤੇ ਬਲਵਾਨ ਵਰਮਾ ਹੋਰਾਂ ਨੇ ਵਿਸੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਕੈਂਪਸ ਡਾਇਰੈਕਟਰ ਪ੍ਰੋਫ਼ੈਸਰ (ਡਾ.) ਜਸਬੀਰ ਸਿੰਘ ਹੁੰਦਲ ਨੇ ਜਿੱਥੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਉੱਥੇ ਇਸ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਹਰੇਕ ਖਿਡਾਰੀ ਦੇ ਜਜ਼ਬੇ ਦੀ ਪ੍ਰਸੰਸਾ ਕਰਦੇ ਹੋਏ ਹੌਂਸਲਾ ਅਫ਼ਜਾਈ ਕੀਤੀ। ਉਹਨਾਂ ਆਪਣੇ ਸੰਦੇਸ਼ ਵਿੱਚ ਖੇਡ ਭਾਵਨਾ ਨੂੰ ਨਿੱਜੀ ਜ਼ਿੰਦਗੀ ਵਿੱਚ ਅਪਨਾ ਕੇ ਇੱਕ ਨਿੱਗਰ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ। ਲੜਕੀਆਂ ਦੇ ਵਿੱਅਕਤੀਗਤ ਗੱਤਕਾ (ਸੋਟੀ ਸ਼੍ਰੇਣੀ) ਮੁਕਾਬਲਿਆਂ ਵਿੱਚ ਰਜਿੰਦਰਾ ਕਾਲਜ ਬਠਿੰਡਾ, ਖਾਲਸਾ ਕਾਲਜ ਪਟਿਆਲਾ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਤੀਜਾ ਸਥਾਨ ਸਾਂਝੇ ਤੌਰ 'ਤੇ ਮੋਦੀ ਕਾਲਜ ਪਟਿਆਲਾ ਅਤੇ ਗੁਰੂ ਨਾਨਕ ਕਾਲਜ ਬੁੱਢਲਾਡਾ ਨੇ ਪ੍ਰਾਪਤ ਕੀਤਾ। ਇਸ ਸ਼੍ਰੇਣੀ ਦੇ ਟੀਮ ਮੁਕਾਬਲਿਆਂ ਵਿੱਚ ਪਹਿਲੀ, ਦੂਜੀ ਪੁਜੀਸ਼ਨ ਤੇ ਜਿੱਤ ਕ੍ਰਮਵਾਰ ਸਰਕਾਰੀ ਰਜਿੰਦਰਾ ਕਾਲਜ, ਪੰਜਾਬੀ ਯੂਨੀਵਰਸਿਟੀ ਨੇ ਅਤੇ ਤੀਸਰੀ ਪੁਜੀਸ਼ਨ ਸਾਂਝੇ ਤੌਰ 'ਤੇ ਗੁਰੂ ਨਾਨਕ ਕਾਲਜ ਅਤੇ ਮਾਤਾ ਸਾਹਿਬ ਕੌਰ ਕਾਲਜ ਨੇ ਦਰਜ਼ ਕੀਤੀ। ਵਿਅਕਤੀਗਤ ਗੱਤਕਾ (ਫਰੀ ਸੋਟੀ ਸ਼੍ਰੇਣੀ) ਵਿੱਚ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਕ੍ਰਮਵਾਰ ਫਤਿਹ ਗਰੁੱਪ ਆਫ ਇੰਸਟੀਚਿਊਟਸ ਰਾਮਪੁਰਾ, ਰਜਿੰਦਰਾ ਕਾਲਜ ਅਤੇ ਮੋਦੀ ਕਾਲਜ ਨੇ ਪ੍ਰਾਪਤ ਕੀਤੀ। ਇਸ ਸ਼੍ਰੇਣੀ ਦੇ ਟੀਮ ਮੁਕਾਬਲਿਆਂ ਵਿੱਚ ਰਜਿੰਦਰਾ ਕਾਲਜ, ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਅਤੇ ਗੁਰੂ ਨਾਨਕ ਕਾਲਜ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰਾਂ ਲੜਕਿਆਂ ਦੇ ਵਿਅਕਤੀਗਤ (ਸੋਟੀ ਸ਼੍ਰੇਣੀ) ਵਿੱਚ ਗੁਰੂ ਨਾਨਕ ਕਾਲਜ ਅਤੇ ਬਰਜਿੰਦਰਾ ਕਾਲਜ ਫਰੀਦਕੋਟ ਪਹਿਲੇ ਅਤੇ ਦੂਸਰੇ ਸਥਾਨ ਤੇ ਰਹੇ ਜਦੋਂ ਕਿ ਤੀਸਰਾ ਸਥਾਨ ਸਾਂਝੇ ਤੌਰ 'ਤੇ ਖਾਲਸਾ ਕਾਲਜ ਅਤੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਜਿੱਤਿਆ। ਵਿਅਕਤੀਗਤ (ਫਰੀ ਸੋਟੀ) ਮੁਕਾਬਲਿਆਂ ਵਿੱਚ ਪਹਿਲੀ ਤੇ ਦੂਸਰੀ ਪੁਜੀਸ਼ਨ ਗੁਰੂ ਨਾਨਕ ਕਾਲਜ ਅਤੇ ਖਾਲਸਾ ਕਾਲਜ ਨੇ ਜਿੱਤੀ ਜਦੋਂ ਕਿ ਤੀਸਰੀ ਪੁਜੀਸ਼ਨ ਸਾਂਝੇ ਤੌਰ 'ਤੇ ਬਰਜਿੰਦਰਾ ਅਤੇ ਬੇਲਾ ਕਾਲਜ ਦੇ ਹਿੱਸੇ ਆਈ। ਲੜਕਿਆਂ ਦੇ ਟੀਮ ਮੁਕਾਬਲਿਆਂ ਟੀਮ ਮੁਕਾਬਲਿਆਂ ਵਿੱਚ ਸੋਟੀ ਸ਼੍ਰੇਣੀ ਲਈ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਤੇ ਜਿੱਤ ਕ੍ਰਮਵਾਰ ਗੁਰੂ ਨਾਨਕ ਕਾਲਜ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਖਾਲਸਾ ਕਾਲਜ ਨੇ ਦਰਜ਼ ਕੀਤੀ ਜਦੋਂ ਕਿ ਫਰੀ ਸੋਟੀ ਸ਼੍ਰੇਣੀ ਵਿੱਚ ਪਹਿਲੇ ਨੰਬਰ ਤੇ ਗੁਰੂ ਨਾਨਕ ਕਾਲਜ, ਦੂਸਰੇ ਨੰਬਰ ਤੇ ਸ੍ਰੀ ਆਨੰਦਪੁਰ ਸਾਹਿਬ ਕਾਲਜ ਅਤੇ ਤੀਸਰੇ ਸਥਾਨ ਤੇ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾਂ ਸਾਹਿਬ (ਤਲਵੰਡੀ ਸਾਬੋ) ਰਹੇ। ਇਨਾਮ ਵੰਡ ਸਮਾਰੋਹ ਦੇ ਅਖੀਰ ਵਿੱਚ ਡਾ. ਗੁਰਦੀਪ ਸਿੰਘ ਰਾਣੂ ਨੇ ਸਭ ਸਹਿਯੋਗੀਆਂ ਪ੍ਰਤੀ ਧੰਨਵਾਦੀ ਮਤਾ ਪੇਸ਼ ਕੀਤਾ। ਇਸ ਪੂਰੀ ਪ੍ਰਤੀਯੋਗਤਾ ਲਈ ਲੰਗਰ ਅਤੇ ਰਹਿਣ ਦੇ ਵਧੀਆ ਬੰਦੋਬਸਤ ਕਰਨ ਲਈ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਮੈਨੇਜਰ ਸ੍ਰੀ ਰਣਜੀਤ ਸਿੰਘ ਜੀ ਦਾ ਅਤੇ ਬੁੰਗਾ ਸ੍ਰੀ ਮਸਤੂਆਣਾ ਗੁਰਦੁਆਰਾ ਸਾਹਿਬ ਜੀ ਦੇ ਸਤਿਕਾਰਯੋਗ ਮੁਖੀ ਬਾਬਾ ਕਾਕਾ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ।